Tuesday, April 17, 2012

ਅਜੇ ਮੁਹੱਬਤਾਂ ਹੋਰ ਕਰਨੀਆਂ
ਅਜੇ ਨਫ਼ਰਤਾਂ ਹੋਰ ਜਰਨੀਆਂ
ਅਜੇ ਸਫ਼ਰ ਕਰਨੇ ਅਣਕੀਤੇ
ਅਣਬੀਤੇ ਨਹੀਂ ਹੋਏ ਬੀਤੇ
ਹੁਣੇ ਹੁਣੇ ਕੁਝ ਬੋਲ ਸੁਣੇ ਨੇ
ਹੁਣੇ ਹੁਣੇ ਹੈ ਦਸਤਕ ਹੋਈ
ਅਜੇ ਨਾ ਕਵਿਤਾ ਰੁਖ਼ਸਤ ਹੋਈ

ਅਜੇ ਨੇ ਸ਼ਾਮਾਂ ਸੁਪਨੇ ਰੰਗੀਆਂ
ਅਜੇ ਪੌਣ 'ਚੋਂ ਆਉਣ ਸੁਗੰਧੀਆਂ
ਅਜੇ ਸਿਰਜਣੇ ਨਕਸ਼ ਨਵੇਰੇ
ਅਜੇ ਲਿਸ਼ਕਣੇ ਪੰਧ ਹਨੇਰੇ
ਅਜੇ ਤੇ ਮੈਂ ਨੇ ਤੂੰ ਏਂ ਹੋਣਾ
ਤੇ ਧਰਤੀ ਨੇ ਅੰਬਰ ਛੋਹਣਾ
ਹੁਣੇ ਹੁਣੇ ਕੁਝ ਜਗਿਆ ਜਗਿਆ
ਕਾਇਆ ਪਿਘਲੀ ਤਰਵਤ ਹੋਈ
ਅਜੇ ਨਾ ਕਵਿਤਾ ਰੁਖ਼ਸਤ ਹੋਈ

ਅਜੇ ਨਾ ਸਿਮਰਤੀਆਂ ਕੁਮਲਾਈਆਂ
ਅਜੇ ਚੇਤਿਆਂ ਵਿਚ ਰੁਸ਼ਨਾਈਆਂ
ਅਜੇ ਉਦਾਸ ਨਾ ਹੋਈਆਂ ਉਮਰਾਂ
ਤਨ ਮਨ ਪਾਣੀ ਹੋਈਆਂ ਸੋਚਾਂ
ਅਜੇ ਬਿਰਤੀਆਂ ਨੇ ਦਰ ਖੋਲੇ
ਰੰਗ ਸੁਰਮਈ ਲੂੰ ਲੂੰ ਘੋਲੇ
ਹੁਣ ਸਭ ਕੁਝ ਸਵੀਕਾਰ ਹੋਏਗਾ
ਰੀਝ ਅਜੇ ਨਾ ਵਰਜਿਤ ਕੋਈ
ਅਜੇ ਨਾ ਕਵਿਤਾ ਰੁਖ਼ਸਤ ਹੋਈ

ਅਜੇ ਤਾਂ ਜ਼ਜਬੇ ਸੱਧਰਾਂ ਤਰਵਰ
ਅਜੇ ਨਾ ਮੋਹ ਦੇ ਉੱਛਲੇ ਸਰਵਰ
ਅਜੇ ਤਾਂ ਬਿਰਖੀਂ ਪਏ ਪੁੰਗਾਰੇ
ਦੇਣੇ ਰੁੱਤਾਂ ਅਜੇ ਹੁੰਗਾਰੇ
ਅਜੇ ਨਾ ਨੈਣੀਂ ਜਾਗ ਸੁਣੀਦੀਂ
ਅਜੇ ਤਾਂ ਨੀਂਦਰ ਸੁਪਨੇ ਪੀਂਦੀ
ਮੇਘ ਸੁਗੰਧੇ ਵਰਸਣ ਲੱਗੇ
ਸੁੰਝੀ ਕਾਇਆ ਕੁਦਰਤ ਹੋਈ
ਅਜੇ ਨਾ ਕਵਿਤਾ ਰੁਖ਼ਸਤ ਹੋਈ

 ਅਜੇ ਮੁਰਾਦਾਂ ਦੇ ਦਰ ਖੁੱਲਣੇ
ਅਜੇ ਪੰਖੇਰੂ ਅੰਬਰੀਂ ਉੱਡਣੇ
ਅਜੇ ਸੁਹਾਵੇ ਥਾਨ ਵਿਛਾਉਣੇ
ਅਜੇ ਨੇ ਸੁੱਖ ਸੁਨੇਹੇ ਆਉਣੇ
ਅਜੇ ਗੀਤ ਨਾ ਹੋਏ ਪੂਰੇ
ਨਾ ਪੂਰੀ ਅਜੇ ਇਬਾਦਤ ਹੋਈ
ਅਜੇ ਨਾ ਕਵਿਤਾ ਰੁਖ਼ਸਤ ਹੋਈ.. Parminderjit

No comments:

Post a Comment