Sunday, April 22, 2012

"ਲਿਖਾਂ ਅਜਿਹੀ ਮੈਂ ਇਕ ਕਵਿਤਾ" a poem By Parminderjeet

ਲਿਖਾਂ ਮੈਂ ਕਵਿਤਾਵਾਂ
ਆਪਣੇ ਵਰਗੀਆਂ
ਆਪਣੇ ਵਰਗਿਆਂ ਵਰਗੀਆਂ
ਸੋਹਲ ਸੁਨੱਖੀਆਂ ਮੁਹੱਬਤ ਰੰਗੀਆਂ
ਸਤਰੰਗੇ ਨਕਸ਼ ਨੁਹਾਰਾਂ ਜਿਹੀਆਂ

ਹਰ ਕਵਿਤਾ ਲਿਖਣ ਪਿੱਛੋਂ
ਇਉਂ ਲੱਗਦਾ ਹਰ ਵਾਰ
ਨਹੀਂ ਪਹੁੰਚਾ ਮੈਂ ਅਜੇ
ਆਪਣੀ ਮਨਇੱਛਤ
ਸਾਲਮ ਸਾਬਤ ਕਵਿਤਾ ਦੇ ਦੁਆਰ

ਇਉਂ ਜਾਪੇ
ਜਿਉਂ ਹਰ ਕਵਿਤਾ ਮੇਰੀ
ਕਿਸੇ ਅਣਛੋਹ ਤਕ ਨਾ ਪਹੁੰਚੀ ਅਜੇ
ਰਾਹ ਦੀਆਂ ਸੁੰਨ ਮਸਾਣਾਂ ਅੰਦਰ
ਮੈਨੂੰ ਛੱਡ ਕੇ
ਮੇਰੀ ਕਵਿਤਾ ਅਣਕਹੇ ਦੀ ਗਾਥਾ
ਕਿਰਚਾਂ ਬਣ ਕੇ ਖੁਰ ਜਾਂਦੀ ਏ

ਜੀਅ ਕਰਦਾ ਏ
ਕਵਿਤਾ ਲਿਖਾਂ ਅਜੇਹੀ ਮੈਂ ਇਕ
ਜੋ ਕਵਿਤਾ ਹੋਣ ਦੀਆਂ ਸਭ ਸ਼ਰਤਾਂ ਕਰੇ ਪੂਰੀਆਂ
ਹੋਵੇ ਨੇ ਉਹ ਕੇਵਲ ਬਿੰਬਾਂ ਦੀ ਉਸਾਰੀ
ਸ਼ਬਦਾਂ ਦੀ ਜਾਦੂਗਰੀ,ਕਲਾਕਾਰੀ
ਮੰਚ ਦੀ ਕਲਾਕਾਰੀ
ਮੰਚ ਦੀ ਅਦਾਕਾਰੀ

ਕਵਿਤਾ ਲਿਖਾਂ-ਲੋਰੀ ਜਿਹੀ
ਬਿਰਧ ਹੱਥਾਂ ਦੀ ਡੰਗੋਰੀ ਜਿਹੀ
ਬੱਚੇ ਨੂੰ ਸਕੂਲੋਂ ਮਿਲੇ
ਪਹਿਲੇ ਸਬਕ ਜਿਹੀ
ਧੀਰਜ ਭਰੋਸੇ ਸਿਦਕ ਜਿਹੀ
ਰਾਹੀਆਂ ਦੀ ਪਿਆਸ ਲਈ ਪਾਣੀ ਜਿਹੀ
ਜ਼ਿੰਦਗੀ ਨੂੰ ਜੀਣ ਦੇ ਚਾਵਾਂ ਦੇ ਹਾਣੀ ਜਿਹੀ

ਮੇਰੀ ਕਵਿਤਾ ਹੋਵੇ
ਨਿਹੱਥੇ ਦੀ ਲੜਾਈ 'ਚ ਉਹਦਾ ਹਥਿਆਰ
ਬਿਦੋਸ਼ੇ ਦੇ ਹੱਕ ਵਿੱਚ ਦਿੱਤੀ ਗਵਾਹੀ ਹੋਵੇ
ਉਹ ਕਿਸੇ ਵਹਿਸ਼ੀ ਦੇ ਹੱਥ 'ਚ ਫੜੇ ਖ਼ੰਜਰ ਨੂੰ
ਉਹਦੀ ਹਿੱਕ ਵੱਲ ਮੋੜ ਸਕੇ
ਗੋਲੀ ਨਾਲ ਵਿੰਨੀ ਕਿਸੇ ਨਿਹੱਥੇ ਦੀ ਲੋਥ ਕੋਲ
ਉਸਦੇ ਕਾਤਲ ਦੇ ਸਿਰਨਾਵੇਂ ਸਣੇ ਬਹਿ ਸਕੇ
ਰੋਕ ਸਕੇ ਉਹ ਨਫ਼ਰਤੀ ਯਾਤਰਾਵਾਂ
ਖਰੂਦੀ ਹਜੂਮ ਤੇ ਜਰਵਾਣੀਆਂ ਸੋਚਾਂ ਦਾ ਤਲਿੱਸਮ ਤੋੜ ਸਕੇ
ਆਪਣੇ ਹੱਕਾਂ ਲਈ ਨਿਕਲੇ ਜਲੂਸ ਵਿਚ ਸ਼ਾਮਲ ਹੋਵੇ

ਜੀਅ ਕਰਦਾ ਏ
ਲਿਖਾਂ ਅਜੇਹੀ
ਮੈਂ ਇੱਕ ਕਵਿਤਾ
ਜੋ ਮੈਨੂੰ
ਕਵਿਤਾ ਦੇ ਸਾਰੇ ਰੰਗ ਵਿਖਾਵੇ
ਮੈਨੂੰ ਅਣਛੋਹ ਤਕ ਲੈ ਜਾਵੇ

ਜੀਅ ਕਰਦਾ ਏ
ਲਿਖਾਂ ਅਜੇਹੀ
ਮੈਂ ਇਕ ਕਵਿਤਾ.. ParminderJeet


No comments:

Post a Comment